ਜੂਠ..

ਦਫਤਰੋਂ ਵਾਪਿਸ ਪਰਤਦਿਆਂ ਵੇਖਿਆ ਫਾਟਕ ਬੰਦ ਸੀ..
ਮੈਨੂੰ ਅੰਦਾਜਾ ਹੋ ਗਿਆ ਕੇ ਅਜੇ ਹੋਰ ਵੀਹ ਮਿੰਟ ਗੱਡੀ ਨਹੀਂ ਸੀ ਆਉਣੀ..!

ਕਾਰ ਬੰਦ ਕਰ ਲਾਗੇ ਬੋਹੜ ਹੇਠ ਬਣੇ ਥੜੇ ਤੇ ਆਣ ਬੈਠਾ..
ਲਾਗੇ ਹੀ ਇੱਕ ਬਜ਼ੁਰਗ ਬਾਬਾ ਜੀ ਭੋਏਂ ਤੇ ਪਰਣਾ ਵਿਛਾਈ ਆਪਣੀ ਮੌਜ ਵਿਚ ਬੈਠੇ ਹੋਏ ਸਨ..!

ਪਤਾ ਨਹੀਂ ਮੈਨੂੰ ਕੀ ਸੁੱਝੀ..
ਥੜੇ ਤੋਂ ਹੇਠਾਂ ਉੱਤਰ ਆਇਆ ਤੇ ਓਹਨਾ ਕੋਲ ਹੀ ਵਿਛੇ ਹੋਏ ਕੱਪੜੇ ਤੇ ਆਣ ਬੈਠਾ..
ਨਜਰਾਂ ਮਿਲੀਆਂ ਤੇ ਮੈਂ ਸਹਿ ਸੁਬਾਹ ਹੀ ਪੁੱਛ ਲਿਆ..
“ਬਾਬਿਓ ਥੋੜਾ ਟਾਈਮ ਹੈ ਮੇਰੇ ਕੋਲ..ਆਪਣੇ ਤਜੁਰਬੇ ਦੀ ਬਿਨਾ ਤੇ ਜਿੰਦਗੀ ਜਿਊਣ ਬਾਰੇ ਕੋਈ ਢੁਕਵੀਂ ਜਿਹੀ ਕੰਮ ਆਉਂਦੀ ਨਸੀਹਤ ਹੀ ਦਿੰਦੇ ਜਾਓ”

ਓਹਨਾ ਮੇਰੇ ਵੱਲ ਦੇਖਿਆ..ਥੋੜਾ ਹੱਸ ਪਏ ਤੇ ਫੇਰ ਅਚਾਨਕ ਹੀ ਸਵਾਲ ਪੁੱਛ ਲਿਆ..”ਪੁੱਤਰ ਕਦੀ ਭਾਂਡੇ ਧੋਤੇ ਈ?
ਮੈਂ ਹੈਰਾਨ ਹੁੰਦੇ ਹੋਏ ਨੇ ਪਹਿਲਾਂ ਆਸੇ ਪਾਸੇ ਦੇਖਿਆ ਤੇ ਫੇਰ ਥੋੜਾ ਹੋਰ ਨੇੜੇ ਹੁੰਦਿਆਂ ਹੋਇਆ ਹੌਲੀ ਜਿਹੀ ਆਖ ਦਿੱਤਾ..”ਹਾਂਜੀ ਧੋਤੇ ਨੇ ਬਾਬਾ ਜੀ ਕਈ ਵਾਰ..ਨਾਲਦੀ ਥੋੜੀ ਤੱਤੇ ਸੁਬਾਹ ਦੀ ਜੂ ਹੋਈ”

“ਫੇਰ ਕੀ ਸਿਖਿਆ ਤੂੰ ਭਾਂਡੇ ਮਾਂਜ ਕੇ..?”
ਓਹਨਾ ਨੇ ਨਾਲ ਹੀ ਆਪਣਾ ਅਗਲਾ ਸਵਾਲ ਕਰ ਦਿੱਤਾ!

“ਸਮਝ ਨੀ ਲੱਗੀ ਬਾਬਾ ਜੀ”
ਮੈਂ ਆਪਣੀਆਂ ਸੁਆਲੀਆਂ ਨਜਰਾਂ ਇੱਕ ਵਾਰ ਫੇਰ ਓਹਨਾ ਦੇ ਚੇਹਰੇ ਤੇ ਗੱਡ ਦਿੱਤੀਆਂ..!

ਉਹ ਇੱਕ ਵਾਰ ਫੇਰ ਮੁਸਕੁਰਾਏ…ਮੁੜ ਗੰਭੀਰ ਹੁੰਦੇ ਹੋਏ ਆਖਣ ਲੱਗੇ..”ਤੈਨੂੰ ਪਤਾ ਜੂਠੇ ਨੂੰ ਬਾਹਰੋਂ ਘੱਟ ਤੇ ਅੰਦਰੋਂ ਜਿਆਦਾ ਮਾਂਜਣਾ ਪੈਂਦਾ ਏ..ਬੱਸ ਇਹੋ ਹੀ ਹੈ ਜਿੰਦਗੀ ਦਾ ਸੱਚ”

ਨਾਲ ਹੀ ਸ਼ੂਕਦੀ ਹੋਈ ਗੱਡੀ ਵੀ ਲੰਘ ਗਈ..ਪਰ ਇਸ ਵਾਰ ਇੰਝ ਲੱਗਾ ਜਿੱਦਾਂ ਦੋ ਫਾਟਕ ਖੁੱਲੇ ਹੋਣ..ਇੱਕ ਬਾਹਰੀ ਤੇ ਇੱਕ ਅੰਦਰ ਵਾਲਾ!

Leave a comment