ਸਾਰਾ ਸੰਸਾਰ ਦੌੜ ਰਿਹਾ ਹੈ । ਬੜੀ ਦੌੜ ਲੱਗੀ ਹੋਈ ਹੈ ।
“ਦਿਨ ਰਵਿ ਚਲੈ ਨਿਸਿ ਸਸਿ ਚਲੇੈ ਤਾਰਿਕਾ ਲਖ ਪਲੋਇ ॥”(੬੪)
ਤਾਰੇ ਦੌੜ ਰਹੇ ਹਨ, ਚੰਦਰਮਾ ਦੌੜ ਰਿਹਾ ਹੈ, ਸੂਰਜ ਦੌੜ ਰਿਹਾ ਹੈ, ਪੰਛੀਆਂ ਵਿੱਚ ਵੀ ਦੌੜ ਲੱਗੀ ਹੋਈ ਹੈ, ਪਸ਼ੂ ਵੀ ਦੌੜ ਰਹੇ ਹਨ ।
ਬੰਦੇ ਦਾ ਸੁਭਾਅ ਵੀ ਦੌੜਨ ਵਾਲਾ ਹੀ ਹੈ । ਅੱਜ ਬੰਦੇ ਦੀ ਦੌੜ ਲੱਗੀ ਹੋਈ ਏ ਪੈਸੇ ਕਮਾਉਣ ਦੀ ।
ਮਾਇਆ ਦੀ ਦੌੜ ਲੱਗੀ ਹੋਈ ਹੈ ।ਮਨ ਕਰਕੇ ਵੀ ਦੌੜ ਰਿਹਾ ਹੈ, ਤਨ ਕਰਕੇ ਵੀ, ਸੋਚਾਂ ਕਰਕੇ ਵੀ , ਦ੍ਰਿਸ਼ਟੀ ਕਰਕੇ ਵੀ ।
ਜਿੱਧਰ ਦੇਖੋ ਦੌੜ ਦੀ ਦੌੜ ਲੱਗੀ ਹੋਈ ਹੈ ।ਇਸ ਨੇ ਇਹ ਸਮਝ ਰੱਖਿਆ ਹੈ ਕਿ ਬਿਨਾਂ ਦੌੜੇ ਕੁਝ ਪ੍ਰਾਪਤ ਨਹੀਂ ਹੋਣ ਵਾਲਾ ।ਜਿਸ ਦਿਨ ਸੰਸਾਰ ਦੀ ਦੌੜ ਮੁੱਕ ਗਈ ਉਸ ਦਿਨ ਸਮਝ ਲੈਣਾ ਸੰਸਾਰ ਦੀ ਮੌਤ ਹੋ ਗਈ ।
ਜੇ ਸੰਸਾਰ ਦੀ ਦੌੜ ਮੁੱਕ ਜਾਏ ਤਾਂ ਸੰਸਾਰ ਦੀ ਮੌਤ ਹੈ ਤੇ ਸਵਾਸਾਂ ਦੀ ਦੌੜ ਮੁੱਕ ਜਾਏ ਤਾਂ ਸਰੀਰ ਦੀ ਮੌਤ ਹੈ ਤੇ ਜੇ ਫੁਰਨਿਆਂ ਦੀ ਦੌੜ ਮੁੱਕ ਗਈ ਤਾਂ ਮਨ ਮਰ ਗਿਆ ।
ਜਿਸ ਦਿਨ ਸਰੀਰ ਦੀ ਮੌਤ ਹੋ ਗਈ , ਪਰਿਵਾਰ ਤੋਂ ਟੁੱਟ ਗਿਆ । ਲੇਕਿਨ ਜਿਸ ਦਿਨ ਮਨ ਦੀ ਮੌਤ ਹੋਈ ਨਿਰੰਕਾਰ ਨਾਲ ਜੁੜ ਗਿਆ । ਇਹ ਭੇਦ ਹੈ ਮੌਤ ਦਾ ।
ਸਰੀਰ ਤੇ ਮਰਨ ਨਾਲ ਸੰਸਾਰ ਤੋਂ ਟੁੱਟਿਆ| ਪਰ ਮਨ ਦੇ ਮਰਨ ਨਾਲ ਨਿਰੰਕਾਰ ਨਾਲ ਜੁੜਿਆ । ਇਹ ਸੱਚ ਹੈ ਕਿ ਮਨੁੱਖੀ ਆਸਾਂ ਤੇ ਮਨੁੱਖੀ ਸਵਾਸਾਂ ਦਾ ਆਪਸ ਵਿੱਚ ਡੂੰਘਾ ਸਬੰਧ ਹੈ ।
ਜਿਤਨੀ ਦੇਰ ਤੱਕ ਤੁਹਾਡੇ ਅੰਦਰ ਸੁਆਸ ਹਨ , ਉਤਨੀ ਦੇਰ ਤੱਕ ਤੁਹਾਡੇ ਅੰਦਰ ਇੱਛਾ ਵੀ ਹੈ ਤੇ ਆਸ ਵੀ। ਅਸੀਂ ਇਹ ਸਬੰਧ ਤੋੜ ਨਹੀਂ ਸਕਦੇ ।
ਦਿਨ-ਬ-ਦਿਨ ਜੀਵ ਦੇ ਸੁਆਸ ਤਾਂ ਘਟ ਰਹੇ ਨੇ, ਪਰ ਇੱਛਾਵਾਂ ਤੇ ਆਸਾਂ ਵੱਧ ਰਹੀਆਂ ਹਨ, ਉਲਟਾ ਹੋ ਰਿਹਾ ਹੈ । ਮਨੁੱਖ ਕੋਲ ਸਮਾਂ ਘੱਟ ਰਿਹਾ ਹੈ ਪਰ ਇੱਛਾਵਾਂ ਤੇ ਆਸਾਂ ਦਾ ਸਫ਼ਰ ਵਧ ਰਿਹਾ ਹੈ ।
ਸਵਾਸ ਮੁੱਕ ਜਾਣਗੇ , ਸਰੀਰ ਚਿਖਾ ਵਿੱਚ ਜਲ ਜਾਏਗਾ ਪਰ ਜਿਉਂਦੇ ਜੀ ਜੇ ਆਸਾ ਨਹੀਂ ਮੁੱਕੀਆਂ, ਇਨ੍ਹਾਂ ਇੱਛਾਵਾਂ ਤੇ ਆਸਾਂ ਕਰਕੇ ਹੀ ਇੱਕ ਸਰੀਰ ਹੋਰ ਮਿਲ ਜਾਏਗਾ । ਇਨ੍ਹਾਂ ਇੱਛਾਵਾਂ ਤੇ ਆਸਾਂ ਨੇ ਮੁੜ ਕੇ ਇੱਕ ਹੋਰ ਸਰੀਰ ਨੂੰ ਜਨਮ ਦੇ ਦੇਣਾ ਹੈ|
ਮੈਨੂੰ ਤਾਂ ਇਉਂ ਲੱਗਦਾ ਹੈ ਜਿਵੇਂ ਪਰਮਾਤਮਾ ਕਹਿ ਰਿਹਾ ਹੋਵੇ ,”ਹੇ ਬੰਦਿਆ! ਤੇਰੀਆਂ ਆਸਾਂ ਦੀ ਪੂਰਤੀ ਤਾਂ ਮੇਰਾ ਮੁੱਢ- ਕਦੀਮੀ ਸੁਭਾਅ ਹੈ । ਪਰ ਮੈਂ ਕੀ ਕਰਾਂ ਤੇਰੀਆਂ ਆਸਾਂ ਜ਼ਿਆਦਾ ਨੇ, ਪਰ ਸਮਾਂ ਤੇਰੇ ਕੋਲ ਘੱਟ। ਅੱਛਾ ਚਲੋ , ਹੁਣ ਜਿਤਨਾ ਸਮਾਂ ਤੇਰੇ ਕੋਲ ਹੈ ,ਉਤਨੀਅਾ ਆਸਾਂ ਮੈਂ ਤੇਰੀਆਂ ਹੁਣ ਪੂਰੀਆਂ ਕਰ ਦਿੰਦਾ ਹਾਂ । ਬਾਕੀ ਜਿੰਨੀਆਂ ਆਸਾਂ ਤੇਰੀਆਂ ਰਹਿ ਜਾਣਗੀਆਂ ਇਨ੍ਹਾਂ ਦੀ ਪੂਰਤੀ ਲਈ ਤੈਨੂੰ ਹੋਰ ਜਨਮ ਲੈਣੇ ਪੈਣਗੇ|”
