ਇੱਕ ਵਾਰ ਧੰਨ ਗੁਰੂ ਨਾਨਕ ਪਾਤਸ਼ਾਹ ਲਾਹੌਰ ਸ਼ਹਿਰ ਗਏ । ਸਵਾ ਪਹਿਰ ਰਹਿੰਦੇ ਅੰਮ੍ਰਿਤ ਵੇਲੇ ਕਸਾਈਆਂ ਦੇ ਜਾਨਵਰਾਂ ਨੂੰ ਕੱਟਦੇ ਸਮੇਂ ਜਾਨਵਰਾਂ ਦੀਆਂ ਚੀਖਾਂ ,ਪੁਕਾਰਾਂ ਦੀ ਆਵਾਜ਼ ਸੁਣ ਸਾਹਿਬ ਨੇ ਕਿਹਾ,” ਭਲਿਓ ! ਤੁਸੀਂ ਇਸ ਸਮੇਂ ਇਹ ਕੀ ਕਰਦੇ ਹੋ ।ਇਹ ਸਮਾਂ ਤਾਂ ਛੱਡ ਦਿਓ , ਇਹ ਸਮਾਂ ਤਾਂ ਨਿਰੰਕਾਰ ਨਾਲ ਜੁੜਨ ਦਾ ਹੈ ।”
ਪਹਿਲਾਂ ਕਸਾਈਆਂ ਨੇ ਜਾਨਵਰਾਂ ਨੂੰ ਮਾਰਨਾ, ਕੱਟਨਾ ਤੇ ਫਿਰ ਮਾਸ ਵੇਚਣਾ । ਇਨ੍ਹਾਂ ਜਦੋਂ ਜਾਨਵਰ ਵੰਡਣੇ ਤਾਂ ਆਪਸ ਵਿੱਚ ਲੜ ਪੈਣਾ ਅਤੇ ਖੂਨ ਖਰਾਬਾ ਕਰਨਾ ।
ਸਤਿਗੁਰੂ ਜੀ ਨੇ ਇਨ੍ਹਾਂ ਨੂੰ ਬਹੁਤ ਸਮਝਾਇਆ, ਪਰ ਉਹ ਨਹੀਂ ਮੰਨੇ । ਆਖਰ ਸਤਿਗੁਰੂ ਜੀ ਦੀ ਰਸਨਾ ਚੋਂ ਇਹ ਬੋਲ ਨਿਕਲੇ
ਲਾਹੌਰ ਸਹਰੁ ਜਹਰ ਕਹਰੁ ਸਵਾ ਪਹਰੁ ॥ (੧੪੧੨)
ਇਤਿਹਾਸ ਦੇ ਪੰਨਿਆਂ ਤੇ ਉੱਕਰੀ ਇਸ ਘਟਨਾ ਤੇ ਇਨ੍ਹਾਂ ਬਚਨਾਂ ਦਾ ਜੇ ਵਿਚਾਰ ਕਰਾਂ ਤਾਂ ਇਸ ਤਰ੍ਹਾਂ ਵੀ ਅਨੁਭਵ ਹੁੰਦਾ ਹੈ ਕਿ ਜਿਹੜਾ ਜੀਵ ਅੰਮ੍ਰਿਤ ਵੇਲੇ ਨਹੀਂ ਉੱਠਦਾ ਉਸ ਦਾ ਜਿਉਣਾ ਵੀ ਜ਼ਹਿਰ ਖਾਣ ਦੇ ਬਰਾਬਰ ਹੈ|
ਜਿਹੜਾ ਜੀਵ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦਾ ਭਾਵ ਸੁੱਤਾ ਰਹਿੰਦਾ ਹੈ , ਉਸ ਦੇ ਜੀਵਨ ਵਿੱਚ ਫਿਰ ਕਹਿਰ ਵਰਤਦਾ ਰਹਿੰਦਾ ਹੈ | ਉਸ ਦਾ ਜੀਵਨ ਕਦਾਚਿੱਤ ਅੰਮ੍ਰਿਤਮਈ ਨਹੀਂ ਹੋ ਸਕਦਾ |
ਗੁਰਸਿੱਖ ਕਹਾਉਣ ਵਾਲਿਓ ! ਤੁਸਾਂ ਤੱਕਿਆ ਹੈ ਨਾ ਕਿ ਮਾਵਾਂ ਸਵੇਰੇ ਸਵੇਰੇ ਪੁੱਤਰਾਂ ਨੂੰ ਜਗਾਉਂਦੀਆਂ ਨੇ ਸਕੂਲ ਭੇਜਣ ਵਾਸਤੇ| ਪੁੱਤਰ ਕਹਿੰਦਾ ਹੈ,” ਮੈਨੂੰ ਨੀਂਦ ਆਈ ਹੈ| ਮੈਂ ਨਹੀਂ ਉੱਠਣਾ |”
ਤੁਸੀਂ ਪਿਆਰ ਨਾਲ ਵੀ ਜਗਾਉਂਦੇ ਹੋ, ਝਿੜਕਾਂ ਵੀ ਦਿੰਦੇ ਹੋ, ਕਈ ਵਾਰ ਚਪੇੜ ਵੀ ਮਾਰ ਦਿੰਦੇ ਹੋ , ਪਰ ਸਕੂਲ ਜ਼ਰੂਰ ਭੇਜਦੇ ਹੋ | ਉਹਦਾ ਚਿੱਤ ਨਾ ਵੀ ਕਰੇ ਤਾਂ ਵੀ ਤੁਸੀਂ ਜਗਾਉਂਦੇ ਹੋ ਕਿਉਂਕਿ ਉਹ ਤੁਹਾਡਾ ਪੁੱਤਰ ਹੈ ਅਤੇ ਤੁਸੀਂ ਜਾਣਦੇ ਹੋ ਕਿ ਉਸ ਨੂੰ ਸਕੂਲ ਭੇਜਣਾ ਜ਼ਰੂਰੀ ਹੈ |
ਜਿਹੜੇ ਮੇਰੇ ਸਤਿਗੁਰੂ ਜੀ ਨਾਲ ਪਿਆਰ ਪਾ ਲੈਂਦੇ ਨੇ, ਉਨ੍ਹਾਂ ਨੂੰ ਸਤਿਗੁਰ ਜੀ ਆਪ ਜਗਾਉਂਦੇ ਨੇ |
ਸਤਿਗੁਰੁ ਜਾਗਿ ਜਗਾਇਦਾ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ॥ ਵਾਰ ੨੬(੧੭)
ਇਹ ਸਤਿਗੁਰੂ ਜੀ ਹੀ ਨੇ ਜਿਹੜੇ ਆਪ ਉੱਦਮ ਬਖਸ਼ਿਸ਼ ਕਰਕੇ ਉਠਾਉਂਦੇ ਨੇ । ਆਪਣੇ ਆਪ ਕੌਣ ਉੱਠ ਸਕਦਾ ਹੈ | ਜੇ ਕੋਈ ਮਾਂ ਆਪਣੇ ਪੁੱਤ ਨੂੰ ਉਠਾ ਸਕੂਲ ਭੇਜ ਸਕਦੀ ਹੈ ਤਾਂ ਸਤਿਗੁਰੂ ਆਪਣੇ ਗੁਰਸਿੱਖ ਨੂੰ ਉਠਾਉਂਦੇ ਹਨ ਤੇ ਉਠਾ ਕੇ ਸਾਧ ਸੰਗਤ ਵਿੱਚ ਭੇਜਦੇ ਹਨ |
ਇਸ ਲਈ ਅੰਮ੍ਰਿਤ ਵੇਲੇ ਉੱਠ ਕੇ ਪਾਠ ਵੀ ਕਰੋ, ਸਿਮਰਨ ਵੀ ਕਰੋ ਤੇ ਅਰਦਾਸ ਵੀ ਕਰੋ |
ਤੇ ਅਰਦਾਸ ਵਿੱਚ ਹਮੇਸ਼ਾਂ ਸਰਬੱਤ ਦਾ ਭਲਾ ਮੰਗੋ ਕਿਉਂਕਿ ਸਰਬੱਤ ਵਿੱਚ ਇਸ ਬ੍ਰਹਿਮੰਡ ਦੇ ਸਾਰੇ ਜੀਵ ਆ ਜਾਂਦੇ ਹਨ |

Bhut hi vadia gall kahi tusi.asi sb rab nu bhuli bethe haa.
LikeLiked by 1 person