ਦੀਵਾਲੀ ਦੀ ਰਾਤ ਨੂੰ ਤਕਰੀਬਨ ਹਰ ਗੁਰਦੁਆਰਾ ਸਾਹਿਬ ਵਿਚ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਇਕ ਖਾਸ ਪਉੜੀ ਦਾ ਕੀਰਤਨ ਜ਼ਰੂਰ ਕੀਤਾ ਜਾਂਦਾ ਹੈ, ਉਹ ਹੈ- ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਭਾਈ ਗੁਰਦਾਸ ਜੀ ਨੇ ਇਸ ਪਉੜੀ ਨੂੰ ਦੀਵਾਲੀ ਦੇ ਦਿਨ ਲਈ ਵਿਸ਼ੇਸ਼ ਤੌਰ ‘ਤੇ ਉਚਾਰਨ ਕੀਤਾ ਹੈ। ਇਸ ਸ਼ਬਦ ਵਿਚ ਲਫ਼ਜ਼ ‘ਦੀਵਾਲੀ’ ਆਉਣ ਕਾਰਨ ਇਸ ਨੂੰ ਦੀਵਾਲੀ ਨਾਲ ਜੋੜ ਦਿੱਤਾ ਗਿਆ, ਹਾਲਾਂਕਿ ਇਹ ਮੌਤ ਨਾਲ ਸੰਬੰਧਤ ਸ਼ਬਦ ਹੈ। ਇਸ ਸ਼ਬਦ ਦਾ ਮਤਲਬ ਇਹ ਨਹੀਂ ਹੈ ਕਿ ਸਿੱਖ ਨੂੰ ਦੀਵਾਲੀ ਦੀ ਰਾਤ ਨੂੰ ਦੀਵੇ ਜਗਾਉਣ। ਆਉ ਪਹਿਲਾਂ ਇਸ ਸ਼ਬਦ ਦੇ ਅਰਥ ਵੀਚਾਰੀਏ।
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ॥
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ॥
ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਗੁਰਮੁਖ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ॥
(ਵਾਰ ੬ / ਪਉੜੀ ੧੯)
ਅਰਥ: ਦੀਵਾਲੀ ਦੀ ਰਾਤ ਨੂੰ ਘਰੋ-ਘਰੀ ਦੀਵੇ ਬਾਲੇ ਜਾਂਦੇ ਹਨ ਪਰ ਉਹ ਸਦਾ ਜਗਦੇ ਨਹੀਂ ਰਹਿੰਦੇ। ਸਵੇਰ ਤੱਕ ਬੁੱਝ ਜਾਂਦੇ ਹਨ। ਰਾਤ ਨੂੰ ਅਸਮਾਨ ਵਿਚ ਚਮਕਣ ਵਾਲੇ ਵੱਡੇ-ਛੋਟੇ ਤਾਰੇ ਵੀ ਸਵੇਰ ਤੱਕ ਲੱਭਦੇ ਨਹੀਂ ਹਨ। ਫੁੱਲਾਂ ਦੀਆਂ ਬਗੀਚੀਆਂ ਵਿਚ ਖਿੜੇ ਹੋਏ ਫੁੱਲ ਵੀ ਥੋੜ੍ਹਾ ਸਮਾਂ ਹੀ ਕੱਢਦੇ ਹਨ ਅਤੇ ਉਹਨਾਂ ਨੂੰ ਵੀ ਚੁਣ ਕੇ ਤੋੜ ਲਿਆ ਜਾਂਦਾ ਹੈ। ਕਿਸੇ ਮੇਲੇ ਨੂੰ ਮਨਾਉਣ ਲਈ ਯਾਤਰੀ ਤੀਰਥਾਂ ‘ਤੇ ਜਾਂਦੇ ਹਨ ਪਰ ਉਹ ਭੀੜ ਵੀ ਮੇਲਾ ਮੁੱਕਣ ਤੋਂ ਬਾਅਦ ਖਤਮ ਹੋ ਜਾਂਦੀ ਹੈ। ਬੱਦਲਾਂ ਦਾ ਬਣਿਆ ਹੋਇਆ ਮਹਿਲ ‘ਹਰਿਚੰਦਉਰੀ’ ਵੀ ਹਵਾ ਦੇ ਬੁੱਲੇ ਨਾਲ ਕੁੱਝ ਸਮੇਂ ਵਿਚ ਹੀ ਉੱਜੜ ਜਾਂਦਾ ਹੈ। ਭਾਵ ਕਿ ਉਪਰਲੀਆਂ ਸਾਰੀਆਂ ਚੀਜ਼ਾਂ ਥੋੜ੍ਹੇ ਚਿਰ ਲਈ ਹੀ ਹਨ। ਉਹ ਸਭ ਕੁੱਝ ਸਮੇਂ ਬਾਅਦ ਹੀ ਮਰ-ਮੁੱਕ ਜਾਂਦੀਆਂ ਹਨ। ਇਕ ਗੁਰੂ ਦਾ ਸ਼ਬਦ ਜੀ ਹੈ ਜੋ ਗੁਰਮੁਖਾਂ ਨੂੰ ਹਮੇਸ਼ਾਂ ਆਤਮਿਕ ਸੁਖਾਂ ਦੇ ਫਲ ਦੀ ਦਾਤ ਦਿੰਦਾ ਰਹਿੰਦਾ ਹੈ।
ਮੌਤ ਨਾਲ ਸੰਬੰਧਤ ਸ਼ਬਦ ਨੂੰ ਦੀਵਾਲੀ ਮੌਕੇ ਪੜ੍ਹਨ ਦੀ ਕੋਈ ਅਰਥ ਹੀ ਨਹੀਂ ਬਣਦਾ। ਅਸਲ ਵਿਚ ਦੀਵਾਲੀ ਹਿੰਦੂ ਮੱਤ ਲਈ ਅੱਗ ਦੀ ਪੂਜਾ ਦਾ ਤਿਉਹਾਰ ਹੈ। ਇਸ ਦਿਨ ਉਹ ਲੋਕ ਦੀਵੇ ਬਾਲ ਕੇ ਧਨ ਦੀ ਦੇਵੀ ਲੱਛਮੀ ਦੀ ਪੂਜਾ ਕਰਦੇ ਹਨ। ਬਾਹਰੋਂ ਤਾਂ ਖੂਬ ਰੌਸ਼ਨੀ ਕੀਤੀ ਜਾਂਦੀ ਹੈ ਪਰ ਅੰਦਰ ਅਗਿਆਨਤਾ ਦਾ ਹਨੇਰਾ ਟਿਕਿਆ ਹੀ ਰਹਿੰਦਾ ਹੈ। ਦੀਵੇ ਤਾਂ ਬਹੁਤ ਛੋਟੀ ਗੱਲ ਹੈ, ਜੇ ਬਾਹਰੋਂ ਸੌ ਸੂਰਜ ਵੀ ਚੜ੍ਹ ਆਉਣ ਤੇ ਹਜ਼ਾਰ ਚੰਦ੍ਰਮਾਂ ਵੀ ਚੜ੍ਹ ਜਾਣ ਤਾਂ ਵੀ ਗੁਰੂ ਦੇ ਗਿਆਨ ਤੋਂ ਬਿਨਾਂ ਅੰਦਰ ਆਤਮਿਕ ਤੌਰ ‘ਤੇ ਹਨੇਰਾ ਬਣਿਆ ਹੀ ਰਹਿੰਦਾ ਹੈ।
