ਲੋਭ


ਬਾਂਦਰਾਂ ਨੂੰ ਫੜ੍ਹਨ ਵਾਲਾ ਸ਼ਿਕਾਰੀ ਬਾਂਦਰਾਂ ਦੇ ਸੁਭਾਅ ਦਾ ਅਧਿਐਨ ਕਰਤਾ ਵੀ ਹੁੰਦਾ ਹੈ ਅਤੇ ਭਲੀ-ਭਾਂਤ ਜਾਣਦਾ ਹੈ ਕਿ ਇਹਨਾਂ ਦੀ ਕਮਜ਼ੋਰੀ ਲੋਭ ਹੈ। ਉਹ ਤੰਗ ਮੂੰਹ ਵਾਲੀ ਸੁਰਾਹੀ ਵਿੱਚ ਕੁੱਝ ਕੁ ਅਨਾਜ (ਛੋਲੇ ਜਾਂ ਮਕੱਈ ਦੇ ਭੁੱਜੇ ਦਾਣੇ) ਪਾ ਦਿੰਦਾ ਹੈ ਅਤੇ ਅੱਧੇ ਕੁ ਬਾਹਰ ਖਿਲਾਰ ਦਿੰਦਾ ਹੈ। ਬਾਂਦਰ ਕੋਲ ਆ ਕੇ ਪਹਿਲਾਂ ਤਾਂ ਬਾਹਰ ਪਏ ਦਾਣੇ ਖਾਂਦਾਂ ਹੈ ਅਤੇ ਫਿਰ ਹੋਰ ਕੱਢਣ ਲਈ ਸੁਰਾਹੀ ਵਿੱਚ ਹੱਥ ਪਾਉਂਦਾ ਹੈ… ਦਾਣੇ ਹੱਥ ਵਿੱਚ ਆ ਜਾਂਦੇ ਹਨ, ਮੁੱਠੀ ਭਰ ਲੈਂਦਾ ਹੈ ਪਰ ਭਰੀ ਮੁੱਠੀ ਸੁਰਾਹੀ ਵਿੱਚੋਂ ਬਾਹਰ ਨਹੀਂ ਨਿਕਲਦੀ…ਦਾਣੇ ਛੱਡਣ ਨੂੰ ਦਿਲ ਨਹੀਂ ਕਰਦਾ ਤੇ ਬੰਦ ਮੁੱਠੀ ਸੁਰਾਹੀ ਵਿੱਚੋਂ ਨਹੀਂ ਨਿਕਲਦੀ… ਤੇ ਬੱਸ ਏਨੇ ਨੂੰ ਆ ਕੇ ਸ਼ਿਕਾਰੀ ਗੱਲ ਰੱਸੀ ਪਾ ਦਿੰਦਾ ਹੈ। ਹੁਣ ਘਰ ਘਰ ਦੇ ਬਾਹਰ ਤਮਾਸ਼ਾ ਵਿਖਾਉਣ ਲਈ ਨੱਚਦਾ ਵੀ ਹੈ ਅਤੇ ਸੋਚਦਾ ਵੀ ਹੋਵੇਗਾ ਕਿ ਜੇ ਥੋੜੀ ਖਾ ਕੇ ਗੁਜ਼ਾਰਾ ਕੀਤਾ ਹੁੰਦਾ ਤਾਂ.. ਲੋਭ ਨਾ ਕੀਤਾ ਹੁੰਦਾ ਤਾਂ… ਸ਼ਾਇਦ ਅੱਜ ਗੁਲਾਮ ਨਾ ਹੁੰਦਾ। ਗੁਰਬਾਣੀ ਦਾ ਪਾਵਨ ਫੁਰਮਾਨ ਹੈ,
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ॥
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ॥
(ਜੇ ਇਸ ਪ੍ਰਮਾਣ ਨੂੰ ਮਨੁੱਖ ਵਲੋਂ ਕੀਤੀ ਕੁਦਰਤ ਦੀ ਲੁੱਟ ਖਸੁੱਟ, ਕੱਟੇ ਗਏ ਰੁੱਖ ਅਤੇ ਤੇ ਹੁਣ ਆਕਸੀਜਨ ਲਈ ਤੜਫਦੇ ਲਾਚਾਰ ਮਨੁੱਖ ਦੀ ਦਸ਼ਾ ਨਾਲ ਜੋੜ ਕੇ ਵੇਖੀਏ ਤਾਂ)

ਡਾ;ਸੁਖਪ੍ਰੀਤ ਸਿੰਘ ਉਦੋਕੇ

Leave a comment