ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
ਅੰਗ- ੧੪੧
ਗਲੀ– ਗੱਲਾਂ ਕਰਕੇ
ਭਿਸਤਿ– ਸਵਰਗ
ਨ ਜਾਈਐ– ਨਹੀਂ ਪਹੁੰਚ ਸਕਦੇ
ਛੁਟੈ– ਮੁਕਤੀ
ਸਚੁ– ਸੱਚ
ਕਮਾਇ– ਕਮਾ ਕੇ
ਕੇਵਲ ਸਵਰਗ ਦੀਆਂ ਗੱਲਾਂ ਕਰਨ ਨਾਲ ਹੀ ਸਵਰਗ ਪ੍ਰਾਪਤ ਨਹੀਂ ਹੁੰਦਾ। ਸੱਚਾ ਜੀਵਨ ਕਮਾ ਕੇ ਹੀ ਮੁਕਤੀ ਸੰਭਵ ਹੈ।
ਇੱਕ ਆਦਮੀ ਪਹਾੜ ਦੀ ਚੋਟੀ ਤੇ ਚੜ੍ਹਨਾ ਚਾਹੁੰਦਾ ਸੀ। ਉਸਨੇ ਇੱਕ ਬੈਕਪੈਕਰ ਨੂੰ ਹੇਠਾਂ ਉਤਰਦੇ ਵੇਖਿਆ ਅਤੇ ਉਸਨੂੰ ਉਸਦੀ ਯਾਤਰਾ ਬਾਰੇ ਪੁੱਛਣ ਲੱਗ ਪਿਆ।
“ਇਹ ਯਾਤਰਾ ਸ਼ੁਰੂਆਤ ਵਿੱਚ ਅਸਾਨ ਹੈ, ਪਰ ਅੰਤਲੇ 5 ਕਿਲੋਮੀਟਰ ਤੇ ਪਹੁੰਚ ਕੇ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਬਸ ਸਾਵਧਾਨ ਰਹਿਣਾ ਜ਼ਰੂਰੀ ਹੈ।”
ਇੱਕ ਹਫ਼ਤੇ ਬਾਅਦ ਉਹ ਇੱਕ ਪਰਬਤਾਰੋਹੀ ਨੂੰ ਮਿਲਿਆ ਜੋ ਕਹਿੰਦਾ ਸੀ ਕਿ “ਮੈਂ ਆਪਣੇ ਦੋਸਤਾਂ ਨਾਲ ਇਹ ਚੋਟੀ ਬਹੁਤ ਵਾਰ ਚੜ੍ਹੀ ਹੈ। ਚੰਗੇ ਪਰਬਤਾਰੋਹੀਆਂ ਦੇ ਇੱਕ ਸਮੂਹ ਦੇ ਨਾਲ ਤੁਸੀਂ ਇਹ ਯਾਤਰਾ ਕਰ ਸਕਦੇ ਹੋ।”
ਦੋ ਹਫਤਿਆਂ ਬਾਅਦ ਉਹ ਇੱਕ ਹੋਰ ਯਾਤਰੀ ਨੂੰ ਮਿਲਿਆ ਜਿਸਨੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਇਹ ਉਹ ਪਹਾੜ ਹੈ, ਜਿਸਨੂੰ ਤੁਹਾਨੂੰ ਇੱਕ ਸ਼ੁਰੂਆਤੀ ਵਜੋਂ ਚੜ੍ਹਨਾ ਚਾਹੀਦਾ ਹੈ।”
ਇੱਕ ਦਿਨ ਇੱਕ ਸ਼ੇਰਪਾ ਉਸਨੂੰ ਮਿਲਿਆ, ਜਿਸਨੇ ਉਸ ਬੰਦੇ ਨੂੰ ਹਰ ਤਰ੍ਹਾਂ ਦੇ ਯਾਤਰੀਆਂ ਤੋਂ ਸਵਾਲ ਕਰਦਿਆਂ ਦੇਖਿਆ ਸੀ। ਉਸਨੇ ਉਸ ਬੰਦੇ ਨੂੰ ਪੁੱਛਿਆ ਕਿ, “ਉਸਨੇ ਕੀ ਕਰਨ ਦੀ ਯੋਜਨਾ ਬਣਾਈ ਹੈ?”
ਉਸਨੇ ਕਿਹਾ, “ਮੈਨੂੰ ਵੱਖੋ ਵੱਖਰੇ ਯਾਤਰੀਆਂ ਤੋਂ ਬਹੁਤ ਸਾਰੇ ਉਲਝਣ ਵਾਲੇ ਜਵਾਬ ਮਿਲੇ ਹਨ। ਮੈਂ ਇਹ ਫੈਸਲਾ ਨਹੀਂ ਕਰ ਪਾ ਰਿਹਾ ਕਿ ਮੈਂ ਇਹ ਪਰਬਤ ਚੜ੍ਹਨਾ ਹੈ ਜਾਂ ਨਹੀਂ।”
ਸ਼ੇਰਪਾ ਨੂੰ ਸਲਾਹ ਦਿੱਤੀ “ਸਾਹਬ ਜੀ”, “ਹਰ ਵਿਅਕਤੀ ਨੂੰ ਆਪਣੀ ਯਾਤਰਾ ਵਿੱਚ ਇੱਕ ਵੱਖਰਾ ਤਜਰਬਾ ਹੁੰਦਾ ਹੈ। ਕਈਆਂ ਨੂੰ ਇਹ ਸੌਖਾ ਲਗਦਾ ਹੈ, ਕੁਝ ਨੂੰ ਨਹੀਂ।ਕੁਝ ਨੂੰ ਸਾਫ ਮੌਸਮ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਬਰਫਬਾਰੀ ਵਿੱਚ ਗੁਆਚ ਜਾਂਦੇ ਹਨ। ਕੁਝ ਇਸ ਨੂੰ ਪੂਰਾ ਨਹੀਂ ਕਰ ਪਾਉਂਦੇ ਅਤੇ ਦੂਜਿਆਂ ਲਈ ਇਹ ਹੈ ਇੱਕ ਸ਼ਾਨਦਾਰ ਤਜਰਬਾ ਬਣ ਜਾਂਦਾ ਹੈ।ਪਰ ਇੱਕ ਗੱਲ ਨਿਸ਼ਚਿਤ ਹੈ। ਤੁਸੀਂ ਜਿੱਥੇ ਹੋ, ਉੱਥੇ ਖੜ੍ਹੇ ਹੋ ਕੇ ਕੋਈ ਵੀ ਪਹਾੜ ‘ਤੇ ਨਹੀਂ ਚੜ੍ਹ ਸਕਿਆ।”
ਅਸੀਂ ਸਾਰੇ ਉਸ ਪਰਬਤਾਰੋਹੀ ਵਰਗੇ ਹਾਂ, ਜੋ ਸਿਰਫ ਗੱਲਾਂ ਕਰਦਾ ਹੈ ਅਤੇ ਬਹੁਤ ਸਾਰੇ ਪ੍ਰਸ਼ਨ ਪੁੱਛਦਾ ਹੈ, ਪਰ ਇੱਕ ਕਦਮ ਵੀ ਅੱਗੇ ਨਹੀਂ ਵਧਾਉਂਦਾ।
ਪਾਣੀ ਵਿੱਚ ਕਦਮ ਰੱਖੇ ਬਿਨਾਂ ਤੁਸੀਂ ਤੈਰਨ ਦਾ ਕੋਈ ਤਰੀਕਾ ਨਹੀਂ ਸਿੱਖ ਸਕਦੇ। ਕੋਈ ਕਦਮ ਚੁੱਕਣ ਤੋਂ ਬਿਨਾਂ ਚੜ੍ਹਨਾ ਅਤੇ ਆਪਣੇ ਆਪ ਨੂੰ ਬਦਲਣ ਦੀ ਹਿੰਮਤ ਤੋਂ ਬਿਨਾਂ ਜੀਵਨ ਵਿੱਚ ਕੋਈ ਤਰੱਕੀ ਨਹੀਂ ਹੁੰਦੀ। ਸਾਨੂੰ ਸਾਰਿਆਂ ਨੂੰ ਖ਼ਤਰੇ ਉਠਾਉਣੇ ਪੈਣਗੇ ਅਤੇ ਕੁਝ ਸਿੱਖਣ ਲਈ ਗਲਤੀਆਂ ਕਰਨ ਦੀ ਹਿੰਮਤ ਹੋਣੀ ਜ਼ਰੂਰੀ ਹੈ।
ਸਿਰਫ ਗੱਲਾਂ ਕਰਨ ਨਾਲ ਅਸੀਂ ਜੀਵਨ ਦਾ ਅਨੁਭਵ ਨਹੀਂ ਕਰ ਸਕਦੇ। ਸਾਨੂੰ ਜੀਵਨ ਦਾ ਅਮਲੀ ਅਨੁਭਵ ਕਰਨਾ ਪਵੇਗਾ। ਇਸ ਤੋਂ ਬਿਨਾਂ ਕੋਈ ਸਵਰਗ ਪ੍ਰਾਪਤ ਕਰਨਾ ਸੰਭਵ ਨਹੀਂ ਅਤੇ ਕੋਈ ਸੱਚਾਈ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
