ਨਿਰਵੈਰ ਦਾ ਖ਼ਜਾਨਾ

ਇਕ ਬਜ਼ੁਰਗ ਪਿਤਾ ਬਿਸਤਰੇ ਮਰਗ ਤੇ ਦਮ ਤੋੜ ਰਿਹਾ ਸੀ, ਅਪਣੇ ਦੋ ਮਾਸੂਮ ਬੱਚਿਆਂ ਨੂੰ ਉਸ ਨੇ ਇਕ ਸੰਦੂਕ ਦਿੱਤਾ, ਬਕਸਾ ਦਿੱਤਾ, ਲੋਹੇ ਦਾ ਔਰ ਉਹਨੂੰ ਤਿੰਨ ਤਾਲੇ ਲੱਗੇ ਹੋਏ ਸਨ, ਚਾਬੀਆਂ ਵੀ ਦਿੱਤੀਆਂ ਤੇ ਆਖਿਆ, ਮੇਰੇ ਬਚਿਓ! ਇਹਨੂੰ ਸੰਭਾਲ ਕੇ ਰੱਖਣਾ, ਮੇਰੇ ਜੀਵਨ ਭਰ ਦੀ ਮਿਹਨਤ ਹੈ, ਮੇਰੇ ਜੀਵਨ ਭਰ ਦੀ ਤਪੱਸਿਅਾ, ਮੇਰੇ ਜੀਵਨ ਭਰ ਦਾ ਖ਼ੂਨ ਪਸੀਨਾ, ਇਹਨੂੰ ਸੰਭਾਲ ਕੇ ਰੱਖਣਾ। ਬੱਚਿਆਂ ਨੇ ਸੁਣ ਲਿਆ, ਪਿਤਾ ਇੰਝ ਕਹਿੰਦੈ ਔਰ ਪਿਤਾ ਦੀ ਇਹ ਦਿੱਤੀ ਹੋਈ ਕੀਮਤੀ ਨਿਸ਼ਾਨੀ ਏਂ। ਬੱਚਿਆਂ ਨੇ ਕੀ ਕੀਤਾ, ਉਸ ਬਕਸੇ ਨੂੰ ਤਖ਼ਤ ਪੋਸ਼ ਤੇ ਰੱਖਿਅੈ, ਬੜੇ ਸੋਹਣੇ-ਸੋਹਣੇ ਰੁਮਾਲੇ ਉੱਪਰ ਪਾਏ ,ਰੋਜ਼ ਸਵੇਰੇ ਸ਼ਾਮ ਉਹ ਧੂਪ ਦੀਪ ਵੀ ਕਰਦੇ ਨੇ, ਰੋਜ਼ ਮੱਥਾ ਵੀ ਟੇਕਦੇ ਨੇ’,ਪਿਉ ਦਾ ਰੂਪ ਜਾਣਕੇ, ਪਿਤਾ ਦੀ ਦੇਣ ਏ।
ਸਮੇਂ ਦੀ ਗਰਦਿਸ਼, ਵਕਤ ਦੀ ਗਰਦਿਸ਼ ਮੁਫ਼ਲਿਸ ਹੋ ਗਏ, ਗਰੀਬ ਹੋ ਗਏ, ਵਪਾਰ ਦੇ ਵਿਚ ਅੈਸੇ ਘਾਟੇ ਪੈ ਗਏ ਕੋਲ ਕੁਛ ਵੀ ਨਾ ਰਿਹਾ।ਹਾਲਾਤ ਅੈਸੇ ਆ ਗਏ,ਦੋ ਵਕਤ ਦੀ ਰੋਟੀ ਚਲਾਣੀ ਵੀ ਅੌਖੀ ਹੋ ਗਈ।
ਅੱਜ ਇਕ ਸੰਤ ਆਇਅੈ, ਉਹਨੇ ਦੀਵਾਰ ਦੇ ਉੱਤੇ ਦਸਤਕ ਦਿੱਤੀ।ਇਹਨਾਂ ਦੌ ਬੱਚਿਆਂ ਨੇ ਦਰਵਾਜਾ ਖੋਲ੍ਹਿਅੈ, ਫ਼ਕੀਰ ਨੇ ਅਪਣਾ ਖੱਪਰ ਅੱਗੇ ਕੀਤੈ, ਉਹ ਦੋਵੇਂ ਕਹਿਣ ਲੱਗੇ,
“ਸੰਤ ਜੀ! ਅੱਜ ਤੇ ਸਾਡੇ ਪੇਟ ਦਾ ਖੱਪਰ ਈ ਖਾਲੀ ਅੈ, ਤੁਹਾਡੇ ਖੱਪਰ ਵਿਚ ਕੀ ਪਾਈਏ, ਤੁਹਾਨੂੰ ਕੀ ਦੇਈਏ?”
ਫ਼ਕੀਰ ਕਹਿਣ ਲੱਗਾ,
“ਮੈਂ ਇਸ ਖੱਪਰ ਦੇ ਵਿਚ ਤੁਹਾਨੂੰ ਕੁਝ ਦੇਣ ਵਾਸਤੇ ਆਇਆਂ।”
ਕਦੀ ਗੋਰ ਮੁਤਾਲਾ ਕਰਨਾ, ਕਈਆਂ ਦਾ ਲੈਣਾ ਦੇਣਾ ਹੁੰਦੈ, ਕਈਆਂ ਦਾ ਦੇਣਾ ਲੈਣਾ ਹੁੰਦੈ। ਵੇਖਣ ਨੂੰ ਉਹ ਲੈਣ ਆਇਅੈ ਪਰ ਜੇ ਥੋੜ੍ਹੀ ਜਿਹੀ ਗਹਿਰੀ ਦ੍ਰਿਸ਼ਟੀ ਹੋਵੇ ਤੇ ਕੁਝ ਦੇਣ ਆਇਅੈ।
ਦੋਵੇਂ ਕਹਿਣ ਲੱਗੇ,
“ਸੰਤ ਜੀ! ਤੁਹਾਡੇ ਖੱਪਰ ਦੇ ‘ਚ ਕੁਛ ਦਿਖਾਈ ਤੇ ਦੇਂਦਾ ਨਹੀਂ, ਕੀ ਏ?
ਫਕੀਰ ਕਹਿਣ ਲੱਗਾ “ਸ਼ੰਦੇਸਾ, ਸ਼ੰਦੇਸਾ ਦੇਣ ਆਇਆਂ।”
ਕੀ?
“ਤੁਹਾਡੇ ਪਿਤਾ ਨੇ ਤੁਹਾਨੂੰ ਇਕ ਬਹੁਤ ਵੱਡਾ ਬਕਸਾ ਦਿੱਤਾ ਸੀ?”
“ਹਾਂ, ਦਿੱਤੈ,ਅਸੀਂ ਸਜ਼ਾ ਕੇ ਰੱਖਿਅੈ। ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਆਂ, ਧੂਪ ਦੀਪ ਕਰਦੇ ਆਂ, ਪਿਤਾ ਦੀ ਨਿਸ਼ਾਨੀ ਅੈਂ।”
“ਕਦੀ ਖੋਲਿਅੈ ਓਸ ਨੂੰ?”
ਕਹਿਣ ਲੱਗੇ,
“ਨਹੀਂ, ਖੋਲਿਆ ਤੇ ਨਹੀਂ।”
“ਬਸ, ਮੈਂ ਤੁਹਾਨੂੰ ਇਹੋ ਸੰਦੇਸਾ ਦੇਣ ਆਇਆਂ, ਅੱਜ ਖੋਲ੍ਹ ਕੇ ਦੇਖ ਲੈਣਾ।”
ਚਾਬੀਆਂ ਕੋਲ ਸਨ, ਖੋਲਿਆ, ਸਾਰਾ ਬਕਸਾ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ। ਇਤਨਾ ਧਨ ਹੁੰਦਿਆਂ ਹੋਇਆਂ, ਮੁਫਲਸੀ ‘ਚ ਦਿਨ, ਗਰੀਬੀ ‘ਚ ਦਿਨ, ਇਨ੍ਹਾਂ ਧਨ ਹੋਂਦਿਆਂ ਹੋਇਆਂ।
ਮੈਂ ਅਰਜ਼ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਿਆਨ ਦਾ ਖ਼ਜ਼ਾਨਾ ਨੇ, ਨਾਮ ਦਾ ਖ਼ਜ਼ਾਨਾ ਨੇ, ਦੈਵੀ ਗੁਣਾਂ ਦਾ ਖ਼ਜਾਨਾ ਨੇ, ਅੰਮ੍ਰਿਤ ਦਾ ਸਾਗਰ ਨੇ, ਸੁਖਾਂ ਦਾ ਸਾਗਰ ਨੇ, ਖੋਲ੍ਹਣਾ ਪਏਗਾ ਬਸ, "ਪਿਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ ॥" {ਮ:੫,ਅੰਗ ੧੮੫}

ਇਹ ਪਿਤਾ ਗੁਰੂ ਨਾਨਕ ਤੇ ਦਾਦਾ ਅਕਾਲ ਪੁਰਖ, ਉਹਦਾ ਖ਼ਜ਼ਾਨੈ। ਜੋ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਾਨੂੰ ਦਿੱਤੈ। ਸਦੀਆਂ ਤੋਂ ਅਸੀਂ ਪੂਜਿਆ ਤੇ ਹੈ, ਇਸ ਖ਼ਜਾਨੇ ਦੇ ਵਿਚ ਜੋ ਕੁਝ ਹੈ, ਉਹਨੂੰ ਖੋਲਿਆ ਨਹੀ। ਇਸ ਵਾਸਤੇ ਖ਼ਜ਼ਾਨੇ ਦੇ ਹੋਂਦਿਆਂ ਹੋਇਆਂ ਵੀ ਕੰਗਾਲ, ਕੁਛ ਵੀ ਨਹੀਂ। ਨਿਰਵੈਰ ਦਾ ਖ਼ਜਾਨਾ, ਵੈਰ ਨਾਲ ਭਰੇ ਹੋਏ ਆਂ। ਗਿਆਨ ਦਾ ਖ਼ਜਾਨਾ, ਅਗਿਆਨਤਾ ਦੇ ਵਿਚ ਧੱਕੇ ਪਏ ਖਾਂਦੇ ਆਂ। ਸੁੱਖਾਂ ਦਾ ਇਹ ਸਾਰ ਹੈ, ਦੁੱਖਾਂ ਦੇ ਵਿਚ ਪਏ ਭਟਕਦੇ ਆਂ। ਏਕਤਾ ਦੀ ਇਹ ਮੂਰਤੀ ਏ, ਦੁਬਿਦਾ ਦੇ ਵਿਚ ਪਏ ਭਟਕਦੇ ਆਂ।
ਕਾਰਨ ਕੀ? ਇਸ ਖ਼ਜ਼ਾਨੇ ਨੂੰ ਨਹੀਂ ਖੋਲਿਆ, ਇਸ ਖ਼ਜ਼ਾਨੇ ਨੂੰ ਖੋਲ੍ਹ ਕੇ ਨਹੀਂ ਵੇਖਿਆ।

ਗਿਅਾਨੀ ਸੰਤ ਸਿੰਘ ਜੀ ਮਸਕੀਨ

Leave a comment