..ਸੁਪਨੇ ਵਿੱਚ ਬਾਬੇ ਦੀ ਝਿੜਕ..

ਕੱਲ ਰਾਤੀਂ ਬਾਬਾ ਨਾਨਕ
ਮੇਰੇ ਸੁਪਨੇ ਦੇ ਵਿੱਚ ਆਇਆ..
ਕਹਿੰਦੇ ਕਾਕਾ ਮੇਰੀ ਸੋਚ ਦਾ ਆਹ ਕੀ ਹਾਲ ਬਣਾਇਆ ?

ਮੈਂ ਕਿਹਾ ਬਾਬਾ ਜੀ
ਅਸੀਂ ਆਪਣਾ ਫ਼ਰਜ਼ ਨਿਭਾਈ ਜਾਨੇਆਂ..
ਤੁਹਾਡੀ ਖੁਸ਼ੀ ਲਈ ਰੋਜ਼ ਹੀ..
ਫੋਟੋ ਅੱਗੇ ਮੱਥੇ ਘਸਾਈ ਜਾਨੇਆਂ ..!

ਦਾਤਾਂ ਲੈਣ ਲਈ ਤੁਹਾਡੇ ਤੋਂ..
ਤੁਹਾਡੇ ਅੱਗੇ ਧੂਫਾਂ ਧੁਖਾਈ ਜਾਨੇ ਆਂ..
ਥੋੜੇ ਥੋੜੇ ਸਮੇਂ ਬਾਅਦ..
ਅਖੰਡਪਾਠ ਵੀ ਤਾਂ ਕਰਾਈ ਜਾਨੇ ਆਂ..!!

ਤੁਹਾਡੇ ਦੁਆਰੇ ‘ਤੇ ਵੀ ਅਸੀ
ਕਰੋੜਾਂ ਰੁਪਏ ਲਗਾਈ ਜਾਨੇ ਆਂ..
ਸੁੱਖਣਾ ਸੁੱਖ ਤੇਰੀ ਬਾਣੀ ਅੱਗੇ..
ਰੇਸ਼ਮੀ ਰੁਮਾਲੇ ਰੋਜ਼ ਚੜ੍ਹਾਈ ਜਾਨੇ ਆਂ..!!

ਸੁਬਹਾ ਸ਼ਾਮ ਅੱਧਾ ਅੱਧਾ ਘੰਟਾ
ਪਾਠ ਦਾ ਵੀ ਫਰਜ ਨਿਭਾਈ ਜਾਨੇ ਆਂ..
ਤੁਹਾਡੇ ਜ਼ਨਮ ਦਿਨ ‘ਤੇ…
ਦੀਵੇ ਬਾਲ.. ਪਟਾਕੇ ਵੀ ਚਲਾਈ ਜਾਨੇ ਆਂ..!!

ਪਹਿਰਾਵੇ ਭੇਸ ‘ਚ ਕੱਚ ਨਾ ਰਹੇ..
ਪੂਰਾ ਦਿੱਖ’ਤੇ ਜੋਰ ਲਗਾਈ ਜਾਨੇ ਆਂ..
ਤੁਸੀ ਪਤਾ ਨੀ ਕਿਉਂ ਖੁਸ਼ ਨੀ..
ਅਸੀ ਤਾਂ ਹਰ ਰਸਮ ਨਿਭਾਈ ਜਾਨੇਆਂ..!!

ਅੱਕ ਕੇ ਬਾਬਾ ਬੋਲਿਆ ..
ਮੈਂ ਕਦ ਆਖਿਆ ਸੀ
ਮੇਰੇ ਵਿਚਾਰਾਂ ਨੂੰ ਰੱਟੇ ਲਾਓ
ਮੈਂ ਦੱਸੋ ਕਿੱਥੇ ਲਿਖਿਆ ਏ..
ਭਾੜੇ ‘ਤੇ ਮੇਰੇ ਵਿਚਾਰ ਪੜਾਓ..!!

ਮੈਂ ਕਦ ਆਖਿਆ ਸੀ..
ਮੇਰੀ ਫੋਟੋ ਨੂੰ ਧੂਫਾਂ ਲਾਓ.!

ਮੈਂ ਕਿੱਥੇ ਲਿਖਿਆ ਏ..
ਮੇਰੇ ਦਿਨ ‘ਤੇ ਪਟਾਕੇ ਚਲਾਓ..!

ਮੇਰੀ ਸਮਝ ‘ਚ ਕਿੱਥੇ ਹੈ
ਕਿ ਗੁਰਦੁਆਰਿਆਂ ‘ਤੇ ਧੰਨ ਵਹਾਓ ..!!

ਮੈਂ ਤਾਂ ਸਿਰਫ ਇਹ ਚਾਹਿਆ ਸੀ..
ਮੇਰੇ ਵਿਚਾਰਾਂ ਨੂੰ ਅਪਨਾਓ..

ਬਾਬੇ ਨਾਨਕ ਦੀਆਂ ਇਹ ਗਲਾਂ ਸੁਣ ਕੇ

ਮੇਰਾ ਚਿਹਰਾ ਹੋ ਗਿਆ ਬੱਗਾ ਸੀ..
ਮੇਰਾ ਰੋਮ ਰੋਮ ਕੰਬਣ ਲੱਗਾ ਸੀ..

ਬਾਬੇ ਨਾਨਕ ਨੇ
ਮੇਰੀਆਂ ਅੱਖਾਂ ਵੱਲ ਤੱਕਿਆ ‘ਤੇ ਕਹਿੰਦੇ

ਤੁਸੀ ਮੈਨੂੰ ਮੰਨੀ ਜਾਨੇ ਹੋ
ਪਰ ਮੇਰੀ ਇਕ ਨਾ ਮੰਨੀ
ਮੇਰੀ ਸੋਚ–ਵਿਚਾਰਧਾਰਾ ਤੋਂ
ਤੁਸੀ ਸਭ ਖਿਸਕਾਉਂਦੇ ਕੰਨੀ..!

ਇਕ ਤੁਹਾਥੋਂ ਪਹਿਲਾਂ ਵੇਲਾ ਸੀ..
ਗੁਰਦੁਆਰੇ ਭਾਵੇਂ ਕੱਚੇ ਸੀ..
ਸਿਖਿਆ ਮੇਰੀ ਤਾਂ ਅਮਲ ‘ਚ ਸੀ..
ਤੇ ਸਿੱਖ ਮੇਰੇ ਸਭ ਪੱਕੇ ਸੀ..!!

ਸੰਗਮਰਮਰ- ਸੋਨੇ ਲਾ ਲਾ ਕੇ..
ਭਾਵੇਂ ਮੰਦਰ ਪਾ ਲਏ ਪੱਕੇ ਨੇ..
ਦਿਖਾਵੇ ਅਡੰਬਰ ਅਮਲੋਂ ਖਾਲੀ..
ਮੇਰੇ ਸਿੱਖ ਸਿਖਿਆ ਤੋਂ ਕੱਚੇ ਨੇ..!!

ਮੈਂ ਬੁਤ ਪੂਜਾ ਤੋਂ ਰੋਕਿਆ ਸੀ..
ਤੁਸੀਂ ਮੇਰੀ ਫੋਟੋ ਪੂਜੀ ਜਾਂਦੇ ਹੋ.!

ਮੈਂ ਰੋਕਿਆ ਅੰਧਵਿਸ਼ਵਾਸ਼ਾਂ ਤੋਂ..
ਤੁਸੀਂ ਧਾਗੇ-ਤਵੀਤਾਂ ਤੋਂ ਭੈਅ ਖਾਂਦੇ ਹੋ ..!!

ਮੈਂ ਜਾਤ- ਗੋਤ ਛੁਡਾਈ ਸੀ..
ਤੁਸੀ ਨਾਵਾਂ ਨਾਲ ਸਜਾਈ ਜਾਦੇਂ ਹੋ..!!

ਲਾਲੋ ਲਈ ਮੈਂ ਲੜਿਆ ਸੀ..
ਤੁਸੀ ਭਾਗੋ ਨੂੰ ਜੱਫੀਆਂ ਪਾਈ ਜਾਂਦੇ ਹੋ..!!

ਰਾਜੇ ਸ਼ੀਹ ਮੁਕੱਦਮ ਕੁੱਤੇ..
ਤੁਸੀ ਤਖਤਾਂ’ ਉੱਪਰ ਬਿਠਾਈ ਜਾਂਦੇ ਹੋ..!!

ਮੈਂ ਸੱਜਣ ਠੱਗ ਭਜਾਏ ਸੀ..
ਤੁਸੀ ਹਾਰ ਤੇ ਵੋਟਾਂ ਪਾਈ ਜਾਂਦੇ ਹੋ..!!

ਛੋਡਹਿ ਅੰਨ ਕਰਹਿ ਪਾਖੰਡ ਸਮਝਾਇਆ ਸੀ
ਤੁਸੀ ਖੁਦ ਹੀ ਵਰਤ ਰਖਾਈ ਜਾਂਦੇ ਹੋ…!!

ਪਹਿਰਾਵਾ ਭੇਸ ਹੀ ਸਿੱਖੀ ਨਹੀਂ..
ਤੁਸੀ ਕਿਹਨੂੰ ਬੁੱਧੂ ਬਣਾਈ ਜਾਂਦੇ ਹੋ..?

ਸਿਖਿਆ ਮੇਰੀ ਕੋਈ ਮੰਨੀ ਨਾ..

ਪਰ ਮੇਰੇ ਸਿੱਖ ਕਹਾਈ ਜਾਂਦੇ ਹੋ.??

ਮੇਰੇ ਲਈ ਤਾਂ ਦੋਸਤੋ..
ਇਹ ਝੰਜੋੜਨ ਵਾਲਾ ਖ਼ੁਆਬ ਸੀ..
ਸੁਪਨਾ ਸੀ ਜਾਂ ਸ਼ਾਇਦ ..
ਮੇਰੀ ਜ਼ਮੀਰ ਦੀ ਹੀ ਅਵਾਜ਼ ਸੀ..!!

Leave a comment