ਜ਼ਿੰਦਗੀ ਨੂੰ ਤਬਾਹ ਕਰਨ ਦੇ ਤਰੀਕੇ

ਸੁਆਦ ਬਾਦ ਈਰਖ ਮਦ ਮਾਇਆ II
ਅੰਗ- ੭੪੧

ਸੁਆਦ – ਹੋਰ ਸੁਆਦ ਚੱਖਣਾ
ਬਾਦ – ਦਲੀਲਾਂ,ਤਰਕ
ਈਰਖ – ਈਰਖਾ
ਮਦ – ਨਸ਼ਾ
ਮਾਇਆ – ਭਰਮ

ਵੱਧ ਤੋਂ ਵੱਧ ਸਵਾਦ ਲੈਣ ਲਈ ਜੀਵਨ ਜੀਉਣਾ, ਹਮੇਸ਼ਾ ਦਲੀਲਾਂ ਵਿੱਚ ਰੁੱਝੇ ਰਹਿਣਾ, ਦੂਜਿਆਂ ਪ੍ਰਤੀ ਈਰਖਾ ਜਾਂ ਭਰਮ ਦੇ ਨਸ਼ੇ ਵਿੱਚ ਜਿਉਣਾ ਤੁਹਾਡੀ ਜ਼ਿੰਦਗੀ ਨੂੰ ਤਬਾਹ ਕਰਨ ਦੇ ਤਰੀਕੇ ਹਨ।


ਦੁਨੀਆ ਭਰ ਵਿੱਚ ਸੈਰ ਕਰਨ ਵਾਲੇ ਪਤੀ-ਪਤਨੀ ਦੇ ਜੋੜਿਆਂ ਦੀਆਂ ਤਸਵੀਰਾਂ ਅਸੀਂ ਅਕਸਰ ਵੇਖਦੇ ਹਾਂ, ਜੋ ਸਭ ਤੋਂ ਸ਼ਾਨਦਾਰ ਰੈਸਟੋਰੈਂਟਾਂ ਵਿੱਚ ਖਾਣਾ ਖਾਂਦੇ ਹਨ। ਸਭ ਤੋਂ ਖੁਸ਼ਹਾਲ ਪਰਿਵਾਰਾਂ ਦੀਆਂ ਅਜਿਹੀਆਂ ਤਸਵੀਰਾਂ ਜੋ ਹੱਦੋ ਵੱਧ ਪਿਆਰ ਨੂੰ ਪ੍ਰਦਰਸ਼ਿਤ ਕਰਦੀਆਂ ਹਨ।

ਇਹ ਸਭ ਕੁਝ ਬਹੁਤ ਸਾਰੇ ਲੋਕਾਂ ਨੂੰ ਇਹ ਮਹਿਸੂਸ ਕਰਾਉਂਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਅਜੇ ਅਧੂਰੀ ਹੈ ਕਿਓਂਕਿ ਉਹ ਅਜਿਹਾ ਆਨੰਦ ਨਹੀਂ ਲੈ ਸਕੇ।
ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਸੋਸ਼ਲ ਮੀਡਿਆ ਵਿੱਚ ਦਿਖਾਉਣ ਲਈ ਕੋਈ ਫੋਟੋਆਂ ਨਹੀਂ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੀਆਂ ਬੇੜੀਆਂ ਗੁੰਮ ਹਨ। ਉਹਨਾਂ ਕੋਲ ਦਿਖਾਉਣ ਲਈ ਸਪੋਰਟਸ ਕਾਰਾਂ ਨਹੀਂ ਹਨ ਅਤੇ ਇਹੀ ਸੋਚ ਉਹਨਾਂ ਦੇ ਅਸੰਤੁਸ਼ਟ ਅਤੇ ਉਦਾਸ ਹੋਣ ਦਾ ਕਾਰਨ ਹੈ।

ਅਸੀਂ ਆਮਤੌਰ ਤੇ ਖੁਸ਼ਹਾਲ ਮਰਦ- ਔਰਤ ਦੇ ਜੋੜਿਆਂ ਨੂੰ ਵੇਖਦੇ ਹਾਂ ਜੋ ਵੱਖ -ਵੱਖ ਥਾਵਾਂ ਤੇ ਲੰਬਾ ਸਮਾਂ ਘੁੰਮਦੇ ਹਨ ਅਤੇ ਐਸ਼ੋ-ਆਰਾਮ ਤੇ ਬਹੁਤ ਖ਼ਰਚ ਵੀ ਕਰਦੇ ਹਨ। ਉਸ ਸਮੇਂ ਦੀਆਂ ਯਾਦਗਾਰ ਤਸਵੀਰਾਂ ਫੋਟੋਗ੍ਰਾਫ਼ਰਾਂ ਤੋਂ ਖਿੱਚਵਾ ਕੇ ਸਟੇਟਸ ਤੇ ਜਾਂ ਸੋਸ਼ਲ ਮੀਡਿਆ ਰਾਹੀਂ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਦਿਖਾਉਂਦੇ ਹਨ। ਪਰ ਕੁਝ ਸਾਲਾਂ ਬਾਅਦ ਉਹ ਖੁਸ਼ਹਾਲ ਜੋੜੇ ਵੀ ਇੱਕ ਦੂਜੇ ਤੋਂ ਵੱਖ ਵੀ ਹੋ ਜਾਂਦੇ ਹਨ।

2011 ਵਿੱਚ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਤਲਾਕ ਦੇ ਇੱਕ ਤਿਹਾਈ ਕਾਗਜ਼ਾਂ ਵਿੱਚ ਫੇਸਬੁੱਕ ਸ਼ਬਦ ਦਾ ਜ਼ਿਕਰ ਕੀਤਾ ਗਿਆ ਸੀ। ਇਹ 3 ਸਾਲ ਪਹਿਲਾਂ ਜੋ ਸੀ ਉਸ ਨਾਲੋਂ 20% ਵੱਧ ਸੀ। ਹੋਰ ਅਧਿਐਨਾਂ ਅਤੇ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਤਲਾਕ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਵਿੱਚਕਾਰ ਕਾਫੀ ਡੂੰਘਾ ਸਬੰਧ ਹੈ।

ਪਿਛਲੇ ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਵਧੀ ਹੈ ਪਰ ਸੋਸ਼ਲ ਮੀਡੀਆ ਨੂੰ ਵੀ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਹ ਮਨੁੱਖੀ ਮਨ ਦੀ ਤੁਲਨਾ ਅਤੇ ਮੁਕਾਬਲਾ ਹੈ ਜੋ ਅਸੀਂ ਸਾਰੇ ਆਪਣੇ ਦਿਲਾਂ ਵਿੱਚ ਡੂੰਘਾਈ ਨਾਲ ਰੱਖਦੇ ਹਾਂ।

ਜਦੋਂ ਅਸੀਂ ਜ਼ਿੰਦਗੀ ਦਾ ਪੂਰਾ ਆਨੰਦ ਲੈ ਰਹੇ ਦੂਜਿਆਂ ਦੀਆਂ ਤਸਵੀਰਾਂ ਦੇਖਦੇ ਹਾਂ, ਤਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਉਨ੍ਹਾਂ ਦਾ ਐਸ਼ੋ-ਆਰਾਮ ਹੀ ਖੁਸ਼ੀ ਦਾ ਜਵਾਬ ਹੈ। ਅਸੀਂ ਹਮੇਸ਼ਾ ਮਹਿਸੂਸ ਕਰਦੇ ਹਾਂ ਕਿ ਅਸੀਂ ਦੁਖੀ ਹਾਂ ਕਿਉਂਕਿ ਸਾਡੀ ਜ਼ਿੰਦਗੀ ਉਹਨਾਂ ਵਰਗੀ ਨਹੀਂ, ਇਸਲਈ ਇਹ ਅਧੂਰੀ ਹੈ।

ਪਰ, ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਉਹ ‘ਸੰਪੂਰਨ ਤਸਵੀਰ ‘ ਦਾ ਪ੍ਰਤੀਬਿੰਬ ਜਾਂ ਸ਼ੁੱਧ ਰੂਪ ਨਹੀਂ ਹੈ। ਤੁਹਾਡੀ ਜ਼ਿੰਦਗੀ ਅਧੂਰੀ ਹੋ ਸਕਦੀ ਹੈ ਪਰ ਇਹ ਅਸਲ ਵਿੱਚ ਇਹ ਆਪਣੇ ਆਪ ਵਿੱਚ ਪੂਰਨ ਹੈ।

ਸੋ, ਦੂਜੇ ਲੋਕਾਂ ਨਾਲ ਆਪਣੀ ਤੁਲਨਾ ਕਰਕੇ ਆਪਣੇ ਜੀਵਨ ਦੀ ਸ਼ਾਂਤੀ ਨੂੰ ਭੰਗ ਨਾ ਕਰੋ।

Leave a comment