ਕੁਝ ਅੱਖਰ

ਮੈ ਓਹਨੀਂ ਦਿੰਨੀ ਐਬਟਾਬਾਦ ਵਿਚ ਪੜਿਆ ਕਰਦਾ ਸਾਂ..ਸਭ ਤੋਂ ਨਾਲਾਇਕ..ਹਰ ਰੋਜ ਸਕੂਲ ਵਿਚ ਕੁੱਟ ਪਿਆ ਕਰਦੀ!
ਇਕ ਦਿਨ ਸੋਚਿਆ ਚਲੋ ਸਕੂਲ ਨਹੀ ਜਾਂਦੇ..ਰਾਹ ਵਿਚ ਇੱਕ ਗੁਰਦੁਆਰਾ ਪੈਂਦਾ ਸੀ..ਮੈ ਲੁਕਣ ਵਾਸਤੇ ਉਥੇ ਚਲਾ ਗਿਆ!
ਗੁਰਦੁਆਰੇ ਦੇ ਬਾਬਾ ਜੀ ਮੈਨੂੰ ਜਾਣਦੇ ਸਨ..ਆਖਣ ਲੱਗੇ “ਓਏ ਜੂਬਿਆ ਕਿਧਰ ਤੁਰਿਆ ਫਿਰਦਾ ਏਂ..ਤੇਰਾ
ਤੇ ਸਕੂਲ ਦਾ ਵੇਲਾ ਏ”?
ਮੈ ਆਖਿਆ ਬਾਬਾ ਜੀ ਮੈ ਸਕੂਲ ਨਹੀ ਜਾਣਾ..ਰੋਜ਼ ਕੁੱਟ ਪੈਂਦੀ ਹੈ..ਮੈਥੋ ਕੁੱਟ ਨਹੀਂ ਖਾਧੀ ਜਾਦੀ!

ਮੈਨੂੰ ਪਿਆਰ ਨਾਲ ਬੁੱਕਲ ਵਿਚ ਲੈ ਲਿਆ ਤੇ ਸਮਝਾਉਣ ਲੱਗੇ ਪੁੱਤਰਾ ਪੜਾਈ ਬਹੁਤ ਚੰਗੀ ਤੇ ਜਰੂਰੀ ਚੀਜ ਹੁੰਦੀ ਹੈ ਤੇ ਕਿਸੇ ਕੀਮਤ ਤੇ ਵੀ ਛੱਡਣੀ ਨਹੀ ਚਾਹੀਦੀ..ਰਹੀ ਗੱਲ ਸਕੂਲੋਂ ਪੈਂਦੀ ਕੁੱਟ ਦੀ..ਤੈਨੂੰ ਅੱਜ ਤੋਂ ਕੁੱਟ ਨਹੀ ਪਵੇਗੀ ਤੂੰ ਬੱਸ ਇਦਾਂ ਕਰੀਂ ਜਦੋਂ ਵੀ ਸਕੂਲ ਨੂੰ ਜਾਇਆ ਕਰੇ ਤਾਂ ਮੂਲਮੰਤਰ ਦਾ ਇਹ ਪਾਠ ਕਰਦਾ ਜਾਇਆ ਕਰ..!

ਅਗਲੇ ਦਿਨ ਮੈਂ ਮੂਲਮੰਤਰ ਦਾ ਪਾਠ ਕਰਦਾ ਸਕੂਲ ਵੱਲ ਨੂੰ ਤੁਰਿਆ ਗਿਆ..ਵਾਕਿਆ ਹੀ ਇਹ ਪਹਿਲਾ ਦਿਨ ਸੀ ਕਿ ਮੈਨੂੰ ਕੁੱਟ ਨਹੀ ਪਈ!
ਉਸ ਮਗਰੋਂ ਮੈ ਹਰ ਰੋਜ ਮੂਲਮੰਤਰ ਦਾ ਪਾਠ ਕਰਦਾ ਹੋਇਆ ਹੀ ਸਕੂਲ ਜਾਇਆ ਕਰਦਾ ਤੇ ਸਕੂਲ ਅੱਪੜ ਵੀ ਜਦੋਂ ਮੌਕਾ ਲੱਗਦਾ ਪਾਠ ਕਰਨਾ ਸ਼ੁਰੂ ਕਰ ਦਿੰਦਾ!
ਉਸ ਦਿਨ ਤੋ ਬਾਅਦ ਮੈਨੂੰ ਕਦੇ ਵੀ ਕੁੱਟ ਨਹੀ ਪਈ।
ਫੇਰ ਇਮਤਿਹਾਨਾਂ ਦੇ ਦਿਨ ਆ ਗਏ..ਮੈ ਬਾਬਾ ਜੀ ਕੋਲ ਜਾ ਕੇ ਬੇਨਤੀ ਕੀਤੀ..ਕਿ ਬਾਬਾ
ਜੀ ਕਿਰਪਾ ਕਰੋ ਕਿ ਮੈ ਪਾਸ ਹੋ ਜਾਵਾਂ।
ਬਾਬਾ ਜੀ ਆਖਣ ਲੱਗੇ ਜੂਬਿਆ ਦੱਬ ਕੇ ਮੇਹਨਤ ਕਰ ਅਤੇ ਬਾਬੇ ਨਾਨਕ ਦਾ ਜਿਹੜਾ ਕਲਾਮ ਤੈਨੂੰ ਦਿੱਤਾ ਉਸ ਦਾ ਸਹਾਰਾ ਨਾ ਛੱਡੀਂ..ਜਿਸ ਵੀ ਪਦਵੀ ਤੇ ਵੀ ਪਹੁੰਚਣਾ ਚਾਹੇ ਪਹੁੰਚ ਜਾਵੇਗਾ!

ਸੱਚ ਪੁੱਛੋਂ ਤਾਂ ਮੈ ਇਕ ਬਾਬੇ ਨਾਨਕ ਦੇ ਓਸ ਕਲਾਮ ਦੇ ਸਹਾਰੇ ਹੀ ਅੱਜ ਇਥੇ ਤੱਕ ਅੱਪੜਿਆ ਹਾਂ!

ਦੋਸਤੋ ਪਾਕਿਸਤਾਨ ਦੇ ਸਾਬਕ ਰਾਸ਼ਟਰਪਤੀ ਅਯੂਬ ਖ਼ਾਨ ਦੀ ਸਵੈ-ਜੀਵਨੀ ਵਿਚ ਦਿੱਤਾ ਇਹ ਬਿਰਤਾਂਤ ਜਦੋ ਕੁਝ ਵਰੇ ਪਹਿਲੋਂ ਪਾਠਕਾਂ ਨਾਲ ਸਾਂਝਾ ਕੀਤਾ ਤਾਂ ਕੁਝ ਕਿੰਤੂ ਪ੍ਰੰਤੂ ਵੀ ਹੋਇਆ..ਅਖ਼ੇ ਕੋਈ ਭਲਾ ਸਿਰਫ ਬਾਣੀ ਪੜਨ ਨਾਲ ਰਾਸ਼ਟਰਪਤੀ ਕਿੱਦਾਂ ਬਣ ਸਕਦਾ ਏ!

ਦੋਸਤੋ ਬਾਬੇ ਨਾਨਕ ਦੇ “ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ” ਵਾਲੇ ਸਿਧਾਂਤ ਵਿਚ ਕਿਰਤ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ..!
ਅਤੇ ਬਾਬੇ ਨੇ ਇਸ ਸਿਧਾਂਤ ਤੇ ਖੁਦ ਅਮਲ ਵੀ ਕਰ ਕੇ ਵਿਖਾਇਆ..ਤਾਂ ਹੀ ਤਾਂ ਸ਼ਾਇਦ ਸ੍ਰੀ ਕਰਤਾਰਪੁਰ ਦੀ ਅੱਜ ਵਾਲੇ ਲਾਂਗੇ ਵਾਲੀ ਉਹ ਧਰਤ ਜਿਸ ਤੇ ਉਸਨੇ ਖੁਦ ਸਤਾਰਾਂ ਸਾਲਾਂ ਤੋਂ ਵੱਧ ਹੱਲਾਂ ਨਾਲ ਖੇਤੀ ਕੀਤੀ ਸੀ ਅੱਜ ਵੀ ਉਸਦੇ ਮੁੜਕੇ ਦੀ ਖੁਸ਼ਬੋ ਆਉਂਦੀ ਏ!


ਹਰਪ੍ਰੀਤ ਸਿੰਘ ਜਵੰਦਾ

Leave a comment