ਅਸਲ ਭਾਰ

ਰੂਸ ਦੇ ਇੱਕ ਛੋਟੇ ਕਿਸਾਨ ਨੂੰ ਕਿਸੇ ਸਲਾਹ ਦਿੱਤੀ ਕੇ ਜੇ ਵੱਡਾ ਬਣਨਾ ਏ ਤਾਂ ਸਾਇਬੇਰੀਆਂ ਜਾ ਕੇ ਕੋਈ ਵੱਡਾ ਫਾਰਮ ਖਰੀਦ..ਜਮੀਨ ਕਾਫੀ ਸਸਤੀ ਏ..!
ਸਾਰਾ ਕੁਝ ਵੇਚ ਵੱਟ ਓਥੇ ਅੱਪੜ ਗਿਆ..
ਦਲਾਲ ਨੇ ਖਰੀਦੋ ਫਰੋਖਤ ਵਾਲੀ ਪ੍ਰਕਿਰਿਆ ਸਮਝਾਈ..
ਆਖਣ ਲੱਗਾ “ਕੱਲ ਸੁਵੇਰੇ ਸਵਖਤੇ ਤੋਂ ਦੌੜ ਕੇ ਜਿੰਨੀ ਜਮੀਨ ਵੀ ਗਾਹ ਸਕਦਾ ਏ ਉਹ ਤੇਰੀ ਹੋਊ..ਪਰ ਸ਼ਰਤ ਏ ਕੇ ਸੂਰਜ ਡੁੱਬਣ ਤੋਂ ਪਹਿਲਾਂ ਜਿਥੋਂ ਦੌੜ ਸ਼ੁਰੂ ਕੀਤੀ ਹੋਵੇਗੀ ਐਨ ਓਥੇ ਵਾਪਿਸ ਮੁੜਨਾ ਪੈਣਾ!
ਅਗਲੇ ਦਿਨ ਰੋਟੀ ਪਾਣੀ ਪੱਲੇ ਬੰਨ ਦੌੜ ਸ਼ੁਰੂ ਕਰ ਦਿੱਤੀ..
ਜਿੰਨਾ ਅੱਗੇ ਜਾਈ ਜਾਵੇ ਉੱਨੀ ਹੀ ਹੋਰ ਉਪਜਾਊ ਜਮੀਨ ਦਿਸਦੀ ਜਾਵੇ..
ਹੋਰ ਜਮੀਨ ਦੇ ਲਾਲਚ ਵਿਚ ਰਫਤਾਰ ਵਧਾ ਦਿੱਤੀ..ਰੋਟੀ ਵਾਲਾ ਡੱਬਾ ਤੇ ਪਾਣੀ ਵਾਲੀ ਬੋਤਲ ਵੀ ਇਹ ਸੋਚ ਸਿੱਟ ਦਿੱਤੀ ਕੇ ਇਹਨਾਂ ਦਾ ਭਾਰ ਵੀ ਦੌੜਨ ਵਿਚ ਰੁਕਾਵਟ ਪਾ ਰਿਹਾ ਏ..!
ਅਖੀਰ ਮੁੜਦੇ ਹੋਏ ਨੂੰ ਭੁੱਖ ਪਿਆਸ ਸਤਾਉਣ ਲੱਗੀ..ਪਰ ਖਾਵੇ ਪੀਵੇ ਕੀ..ਕੋਲ ਰੋਟੀ ਪਾਣੀ ਵੀ ਤੇ ਨਹੀਂ ਸੀ..
ਉੱਤੋਂ ਸੂਰਜ ਡੁੱਬੀ ਜਾ ਰਿਹਾ ਸੀ..
ਅਖੀਰ ਮੰਜਿਲ ਤੋਂ ਕੁਝ ਕਦਮ ਪਹਿਲਾਂ ਨਿਢਾਲ ਹੋ ਕੇ ਡਿੱਗ ਪਿਆ ਤੇ ਕਹਾਣੀ ਮੁੱਕ ਗਈ..
ਨਾ ਮਾਇਆ ਮਿਲ਼ੀ ਨਾ ਰਾਮ..!
ਬਟਾਲੇ ਇੱਕ ਜਾਣਕਾਰ ਦੀ ਸਰਕਾਰੀ ਨੌਕਰੀ ਦੇ ਨਾਲ ਨਾਲ ਕਿੰਨੀ ਸਾਰੀ ਜਮੀਨ ਇੱਕ ਸ਼ੇੱਲਰ ਤੇ ਆੜ੍ਹਤ ਵੀ ਸੀ..!
ਇੱਕ ਰਾਤ ਰੇਲਵੇ ਦੀ ਜਮੀਨ ਤੇ ਆਂਡਿਆਂ ਦਾ ਸਟਾਲ ਖੋਹਲ ਸੁਵੇਰੇ ਕੋਰਟ ਵਿਚੋਂ ਸਟੇ ਲੈ ਲਿਆ..!
ਪਿਤਾ ਜੀ ਨੇ ਸਮਝਾਇਆ ਕੇ ਭੱਜ ਦੌੜ ਵਾਲੀ ਇਸ ਭੱਠੀ ਵਿਚ ਬਿਨਾ ਵਜਾ ਆਪਣੇ ਆਪ ਨੂੰ ਝੋਕੀ ਜਾਣਾ ਕੋਈ ਸਮਝਦਾਰੀ ਨਹੀਂ..
ਪਰ ਹੋਰ ਇਕੱਠਾ ਕਰਨ ਦੇ ਜਨੂੰਨ ਨੇ ਐਸੀ ਮੱਤ ਮਾਰੀ ਕੇ ਇੱਕ ਦਿਨ ਇਸੇ ਚੱਕਰ ਵਿਚ ਸਕੂਟਰ ਟਾਹਲੀ ਵਿਚ ਜਾ ਵੱਜਾ ਤੇ ਸਾਰਾ ਕੁਝ ਇਥੇ ਧਰਿਆ ਧਰਾਇਆ ਰਹਿ ਗਿਆ!
ਦੋਸਤੋ ਤਰੱਕੀ ਕਰਨੀ ਹਰੇਕ ਦਾ ਹੱਕ ਏ..
ਪਰ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਦਾਅ ਤੇ ਲਾ ਕੇ ਤਹਿ ਕੀਤਾ ਰਸਤਾ ਅਖੀਰ ਕਬਰਾਂ ਤੱਕ ਜਾ ਕੇ ਹੀ ਮੁੱਕਦਾ ਏ..ਫੇਰ ਆਪ ਮੋਏ ਜੱਗ ਪਰਲੋ..!
ਕੁਝ ਵਰ੍ਹਿਆਂ ਮਗਰੋਂ ਤੇ ਢਿੱਡੋਂ ਜੰਮੇ ਵੀ ਭੋਗ ਪਾਉਣੋਂ ਹਟ ਜਾਂਦੇ ਨੇ..
ਤੀਜੀ ਪੀੜੀ ਮਗਰੋਂ ਜਮੀਨ ਦੀਆਂ ਫਰਦਾਂ ਵਿਚੋਂ ਨਾਮ ਵੀ ਕੱਟ ਦਿੱਤਾ ਜਾਂਦਾ!
ਦੱਸਦੇ ਇੱਕ ਧੰਨਵਾਨ ਸ਼ਾਹੂਕਾਰ ਨੇ ਮੁਨਸ਼ੀ ਕੋਲ ਸੱਦ ਲਿਆ..
ਪੁੱਛਣ ਲੱਗਾ ਹਿਸਾਬ ਕਿਤਾਬ ਲਗਾ ਕੇ ਦੱਸ ਆਪਣੇ ਕੋਲ ਕਿੰਨੀ ਕੂ ਦੌਲਤ ਏ..?
ਤਿੰਨ ਦਿਨਾਂ ਬਾਅਦ ਆਖਣ ਲੱਗਾ ਸ਼ਾਹ ਜੀ ਸੱਤ ਪੀੜੀਆਂ ਤਾਂ ਆਰਾਮ ਨਾਲ ਬਹਿ ਕੇ ਖਾ ਪੀ ਲੈਣਗੀਆਂ ਪਰ ਅੱਠਵੀਂ ਪੀੜੀ ਨੂੰ ਥੋੜੀ ਮੁਸ਼ਕਿਲ ਆ ਸਕਦੀ ਏ!
ਸ਼ਾਹੂਕਾਰ ਬੇਚੈਨ ਰਹਿਣ ਲੱਗਾ..
ਦਿਨੇ ਰਾਤ ਬੱਸ ਅੱਠਵੀਂ ਪੀੜੀ ਦਾ ਫਿਕਰ ਖਾਈ ਜਾਵੇ..
ਘਰ ਦੇ ਇੱਕ ਸਿਆਣੇ ਕੋਲ ਲੈ ਗਏ..ਉਹ ਆਖਣ ਲੱਗਾ ਸ਼ਾਹ ਜੀ ਇੱਕ ਕੰਮ ਕਰਨਾ ਪਊ..ਆਹ ਅੱਧਾ ਕਿੱਲੋ ਆਟਾ ਜਿਹੜੀ ਬੁਢੀ ਉਸ ਨੁੱਕਰ ਵਾਲੇ ਘਰ ਕੱਪੜੇ ਸਿਉਂਦੀ ਏ ਉਸਨੂੰ ਦੇ ਆਵੋ..ਮੁਸ਼ਕਿਲ ਹੱਲ ਹੋ ਜਾਵੇਗੀ!
ਅਗਲੇ ਦਿਨ ਬੁਢੀ ਦੇ ਦਵਾਰ ਆਟੇ ਵਾਲੀ ਪੋਟਲੀ ਦਿੰਦਾ ਹੋਇਆ ਆਖਣ ਲੱਗਾ ਕੇ ਮਾਤਾ ਰੋਟੀਆਂ ਪਕਾ ਲਵੀਂ..!
ਅੱਗੋਂ ਆਹਂਦੀ..ਵੇ ਪੁੱਤਰ ਸੁਵੇਰੇ ਖਾਦੀ ਸੀ..ਦੁਪਹਿਰ ਜੋਗੀ ਬਣੀ ਪਈ ਏ..ਤੇ ਆਥਣ ਵੇਲੇ ਜੋਗਾ ਆਟਾ ਬਥੇਰਾ..!
ਆਖਣ ਲੱਗਾ ਕੇ ਤਾਂ ਵੀ ਰੱਖ ਲੈ..ਕੱਲ ਨੂੰ ਫੇਰ ਕੰਮ ਆਵੇਗਾ..!
ਅੱਗੋਂ ਆਂਹਦੀ “ਵੇ ਪੁੱਤ ਮੈਨੂੰ ਪੂਰਾ ਯਕੀਨ ਏ ਜਿਸਨੇ ਅੱਜ ਦਾ ਬੰਦੋਬਸਤ ਕੀਤਾ..ਕੱਲ ਨੂੰ ਵੀ ਭੁੱਖਾ ਨਹੀਂ ਸਵਾਊ..ਨਹੀਂ ਚਾਹੀਦਾ ਮੈਨੂੰ ਤੇਰਾ ਆਟਾ..”
ਪੋਟਲੀ ਉਂਝ ਦੀ ਉਂਝ ਹੀ ਮੋੜ ਲਿਆਂਧੀ ਤੇ ਸਿਆਣੇ ਨੂੰ ਸੁਨੇਹਾ ਘੱਲ ਦਿੱਤਾ ਕੇ ਮੇਰੀ ਮੁਸ਼ਕਲ ਹੱਲ ਹੋ ਗਈ..!
ਦੋਸਤੋ ਅਕਸਰ ਹੀ ਕਿੰਨੇ ਸਾਰੇ ਮਿਲ ਹੀ ਜਾਂਦੇ ਨੇ ਜਿਹੜੇ ਅੱਠਵੀਂ ਪੀੜੀ ਦੇ ਫਿਕਰ ਵਿਚ ਬੱਸ ਦਿਨੇ ਰਾਤ ਨੱਸੀ ਤੁਰੀ ਜਾ ਰਹੇ ਨੇ..ਬਿਨਾ ਰੁਕਿਆ..ਲਗਾਤਾਰ..!
ਇਸ ਗੇੜ ਵਿਚੋਂ ਨਿੱਕਲਣਾ ਏ ਤਾਂ ਕੱਪੜੇ ਸਿਉਂਦੀ ਮਾਈ ਵਾਲਾ ਸੰਕਲਪ ਮਨ ਵਿਚ ਵਸਾਉਣਾ ਪੈਣਾ ਕੇ ਜਿਹੜਾ ਪੱਥਰ ਦੀ ਇੱਕ ਸਿਲ ਵਿਚ ਕੈਦ ਜੰਤੂ ਵਾਸਤੇ ਅੰਨ ਪੈਦਾ ਕਰ ਸਕਦਾ..ਭਲਾ ਸਾਨੂੰ ਭੁਖਿਆਂ ਕਿਓਂ ਰੱਖੂ..!
ਜਿੰਦਗੀ ਆਪ ਤੇ ਹੌਲੀ ਫੁੱਲ ਏ..ਅਸਲ ਭਾਰ ਤੇ ਖਾਹਿਸ਼ਾਂ ਸੱਧਰਾਂ ਦਾ ਹੀ ਪਾਇਆ ਹੋਇਆ ਏ!

3 thoughts on “ਅਸਲ ਭਾਰ

  1. ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥
    ਹੇ ਭਾਈ! (ਜਿਵੇਂ) ਠਗਨੀਰੇ ਨੂੰ ਵੇਖ ਕੇ (ਹਰਨ ਭੁੱਲ ਜਾਂਦੇ ਹਨ ਤੇ ਜਾਨ ਗੰਵਾ ਲੈਂਦੇ ਹਨ, ਤਿਵੇਂ ਮਾਇਆ ਦੀ) ਬਣੀ ਗੰਧਰਬ-ਨਗਰੀ ਨੂੰ ਵੇਖ ਕੇ (ਜੀਵ) ਕੁਰਾਹੇ ਪਏ ਰਹਿੰਦੇ ਹਨ ।
    Seeing the mirage, the optical illusion, the people are confused and deluded.

    ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥
    ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਜੀਵਨ ਦੀ) ਸੁੰਦਰਤਾ ਪੈਦਾ ਹੋ ਗਈ ।੧੪।
    Those who worship and adore the True Lord, O Nanak, their minds and bodies are beautiful. ||14||

    Liked by 1 person

Leave a reply to SUDARSHAN PALIWAL Cancel reply